ਸ੍ਰੀ ਮੁਕਤਸਰ ਸਾਹਿਬ, (ਜਸਵਿੰਦਰ ਪਾਲ ਸ਼ਰਮਾ)
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਸੂਬਾ ਪੱਧਰੀ ਸਮਾਗਮ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਇਕ ਮੈਡਲ, ਸ਼ਾਲ ਅਤੇ ਯੋਗਤਾ ਸਰਟੀਫ਼ਿਕੇਟ ਦੇ ਕੇ ਵਿਸ਼ਵ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਿੰਪਲ ਵਰਮਾ ਨੂੰ ਇਹ ਸਨਮਾਨ ਉਸ ਦੀ ਸਕੂਲ ਪ੍ਰਤੀ ਵਿਲੱਖਣ ਪ੍ਰਾਪਤੀਆਂ ਬਦਲੇ ਦਿੱਤਾ ਗਿਆ ਹੈ। ਦਰਅਸਲ ਜਦੋਂ ਡਿੰਪਲ ਵਰਮਾ ਨੇ ਕਈ ਸਾਲ ਪਹਿਲਾਂ ਕਰਮਗੜ੍ਹ ਦੇ ਇਸ ਸਕੂਲ ‘ਚ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਸਕੂਲ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਆਪਣੀ ਮਿਹਨਤ ਅਤੇ ਲਗਨ ਦੇ ਨਾਲ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਵਲੋਂ ਗਰਾਂਟਾਂ ਦੇ ਰੂਪ ‘ਚ ਜਾਰੀ ਰਾਸ਼ੀ ਸਦਕਾ ਡਿੰਪਲ ਵਰਮਾ ਨੇ ਇਸ ਸਕੂਲ ਦੀ ਨੁਹਾਰ ਬਦਲਣ ‘ਚ ਸਫਲਤਾ ਹਾਸਿਲ ਕੀਤੀ ਹੈ। ਗੌਰਤਲਬ ਹੈ ਕਿ ਸਰਕਾਰੀ ਹਾਈ ਸਕੂਲ ਕਰਮਗੜ੍ਹ ਪੰਜਾਬ ਦਾ ਪਹਿਲਾ ਉਹ ਸਕੂਲ ਹੈ, ਜਿੱਥੇ ਸਟੇਜ ਨੂੰ ਕੰਪਿਊਟਰ ਦੇ ਕੀ ਬੋਰਡ ਦੀ ਤਰਾਂ ਡਿਜ਼ਾਇਨ ਕੀਤਾ ਗਿਆ ਹੈ।
ਮੁੱਖ ਅਧਿਆਪਕਾ ਡਿੰਪਲ ਵਰਮਾ ਦਾ ਕਹਿਣਾ ਸੀ ਕਿ ਉਹ ਸਕੂਲ ਅਤੇ ਸਿੱਖਿਆ ਨੂੰ ਹਰ ਪੱਖ ਤੋਂ ਉੱਚਾ ਚੁੱਕਣ ਲਈ ਪਹਿਲਾਂ ਦੀ ਤਰਾਂ ਯਤਨ ਜਾਰੀ ਰੱਖਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਜਸਪਾਲ ਮੋਂਗਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਯਾਦਵਿੰਦਰ ਸਿੰਘ ਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਨੇ ਮੁੱਖ ਅਧਿਆਪਿਕਾ ਡਿੰਪਲ ਵਰਮਾ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ।
ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਮੁੱਖ ਅਧਿਆਪਿਕਾ ਡਿੰਪਲ ਵਰਮਾ ਨੂੰ ਸਟੇਟ ਐਵਾਰਡ ਮਿਲਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲਈ ਬੜੇ ਮਾਣ ਵਾਲੀ ਗੱਲ ਹੈ।
Leave a Reply